ਮੁਲਤਾਨੀ ਮੱਲ ਮੋਦੀ ਕਾਲਜ ਦੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵੱਲੋਂ ਪੀ.ਸੀ.ਐਮ.ਏ. ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਅੰਤਰਰਾਸ਼ਟਰੀ ਬਿਜ਼ਨਸ ਕਾਨਫਰੰਸ ਦੇ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਨਾਰਥ ਈਸਟਰਨ ਹਿੱਲ ਯੂਨੀਵਰਸਿਟੀ, ਸ਼ਿਲੌਂਗ (ਮੇਘਾਲਿਆ) ਦੇ ਸਾਬਕਾ ਪਰੋ ਵਾਈਸ ਚਾਂਸਲਰ ਪ੍ਰੋ. ਕੇ.ਕੇ. ਸ਼ਰਮਾ ਨੇ ਕਿਹਾ ਕਾਨਫਰੰਸਾਂ, ਅਧਿਆਪਕਾਂ ਤੇ ਵਿਦਵਾਨਾਂ ਦੇ ਗਿਆਨ ਵਿਚ ਵਾਧਾ ਕਰਨ ਦੇ ਅਵਸਰ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਖੇਤਰਾਂ ਵਿਚ ਉਂਭਰ ਰਹੇ ਗਿਆਨ ਦੇ ਨਵੇਂ ਸੋਮਿਆਂ ਨਾਲ ਪਰੀਚਿਤ ਹੋਣਾ ਹਰ ਅਧਿਆਪਕ ਲਈ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕਾਨਫਰੰਸ ਦੀ ਗੰਭੀਰ ਵਿਚਾਰ ਚਰਚਾ ਵਿੱਚੋਂ ਨਿਕਲੇ ਸੁਝਾਅ ਸੰਬੰਧਿਤ ਮੰਤਰਾਲਿਆਂ ਤਕ ਪੁੱਜਣੇ ਚਾਹੀਦੇ ਹਨ ਤਾਂ ਕਿ ਅਗਲੀ ਯੋਜਨਾਬੰਦੀ ਦਾ ਅਧਾਰ ਬਣ ਸਕਣ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਇਸ ਕਾਨਫਰੰਸ ਦਾ ਮੰਤਵ ਵਿਦਵਾਨਾਂ ਲਈ ਅਜਿਹਾ ਮੰਚ ਮੁਹੱਈਆ ਕਰਵਾਉਣਾ ਸੀ ਜਿਥੇ ਦੂਰੋਂ-ਦੂਰੋਂ ਪਹੁੰਚੇ ਵੱਖ-ਵੱਖ ਖੇਤਰਾਂ ਦੇ ਮਾਹਿਰ ਵਿਦਵਾਨ ਦੇਸ਼, ਸਮਾਜ ਅਤੇ ਮਨੁੱਖਤਾ ਦੇ ਚੰਗੇਰੇ ਭਵਿੱਖ ਲਈ ਵਿਚਾਰ ਚਰਚਾ ਕਰ ਸਕਣ। ਕਾਲਜ ਦੇ ਸਾਬਕਾ ਪ੍ਰਿੰਸੀਪਲ ਸ੍ਰੀ ਸੁਰਿੰਦਰਾ ਲਾਲ ਨੇ ਕਿਹਾ ਇਸ ਕਾਲਜ ਦੇ ਸੰਸਥਾਪਕ ਸੇਠ ਗੁੱਜਰ ਮੱਲ ਮੋਦੀ ਦਾ ਇਹ ਸੁਪਨਾ ਸੀ ਕਿ ਇਸ ਕਾਲਜ ਦੇ ਵਿਦਿਆਰਥੀ ਉਂਚੀਆਂ ਪਦਵੀਆਂ ਤੇ ਜਾਣ। ਸਾਨੂੰ ਮਾਣ ਹੈ ਕਿ ਇਹ ਕਾਲਜ ਉਨ੍ਹਾਂ ਦੇ ਸੁਪਨਿਆਂ ਦੀ ਪੂਰਤੀ ਲਈ ਨਿਰੰਤਰ ਯਤਨਸ਼ੀਲ ਹੈ।
ਕਾਨਫਰੰਸ ਦੇ ਸਭਿਆਚਾਰਕ ਤੇ ਸਨਮਾਨ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਕਾਲਜ ਦੇ ਪੁਰਾਣੇ ਵਿਦਿਆਰਥੀ ਸ੍ਰੀ ਦਿਨਕਰ ਗੁਪਤਾ, ਏ.ਡੀ.ਜੀ.ਪੀ. (ਪੰਜਾਬ) ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮਿਆਰੀ ਸਿੱਖਿਆ, ਲਗਨ, ਨਿਰੰਤਰ ਮਿਹਨਤ ਤੇ ਨਿਸ਼ਾਨੇ ਦੀ ਪ੍ਰਾਪਤੀ ਤੱਕ ਦ੍ਰਿੜ੍ਹ ਵਿਸ਼ਵਾਸ ਨਾਲ ਅੱਗੇ ਵਧਦੇ ਰਹਿਣ ਨਾਲ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਪ੍ਰਾਪਤੀਆਂ ਪਿਛੇ ਚੰਗੇ ਅਧਿਆਪਕਾਂ ਦਾ ਯੋਗਦਾਨ ਵੀ ਅਹਿਮ ਹੁੰਦਾ ਹੈ ਤੇ ਉਨ੍ਹਾਂ ਦਾ ਸਨਮਾਨ ਕਰਨਾ ਪੂਰੇ ਸਮਾਜ ਦੀ ਜਿੰਮੇਵਾਰੀ ਹੈ। ਪੰਜਾਬ ਕਾਮਰਸ ਐਂਡ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਡਾ. ਸੀ.ਆਰ.ਬੈਕਟਰ (ਮੈਨੀਟੋਬਾ ਯੂਨੀਵਰਸਿਟੀ, ਕਨੇਡਾ), ਡਾ. ਸੰਜੀਵ ਸ਼ਰਮਾ (ਪੰਜਾਬ ਯੂਨੀਵਰਸਿਟੀ), ਸ੍ਰੀ ਹੁਕਮ ਚੰਦ ਬਾਂਸਲ (ਚੇਅਰਮੈਨ, ਰਿਮਟ ਗਰੁੱਪ), ਡਾ. ਪਵਨ ਕੁਮਾਰ ਸਿੰਗਲਾ (ਕੰਟਰੋਲਰ ਪਰੀਖਿਆਵਾਂ, ਪੰਜਾਬੀ ਯੂਨੀਵਰਸਿਟੀ), ਡਾ. ਐਸ.ਐਸ.ਭਾਟੀਆ (ਥਾਪਰ ਯੂਨੀਵਰਸਿਟੀ) ਡਾ. ਜਸਲੀਨ ਕੌਰ ਕਿੰਗਰ (ਖਾਲਸਾ ਕਾਲਜ, ਪਟਿਆਲਾ) ਤੇ ਸ. ਮਨਮੋਹਨ ਸਿੰਘ ਮਰਵਾਹਾ (ਪ੍ਰਿੰਸੀਪਲ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਚੰਡੀਗੜ੍ਹ) ਨੂੰ ਉਨ੍ਹਾਂ ਦੇ ਵਿਦਿਅਕ ਖੇਤਰ ਵਿਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ। ਇਸ ਸੈਸ਼ਨ ਦੌਰਾਨ ਪ੍ਰੋ. ਬਲਵੀਰ ਸਿੰਘ ਦੀ ਅਗਵਾਈ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਗੀਤ-ਸੰਗੀਤ ਦਾ ਪ੍ਰਭਾਵਸ਼ਾਲੀ ਪ੍ਰੋਗਰਾਮ ਪੇਸ਼ ਕੀਤਾ।
ਪ੍ਰੋ. ਕੁਲਦੀਪ ਪੁਰੀ (ਪੰਜਾਬ ਯੂਨੀਵਰਸਿਟੀ) ਨੇ ਕਿਹਾ ਕਿ ਯੂਨੈਸਕੋ ਦੀ ਇਕ ਰਿਪੋਰਟ ਅਨੁਸਾਰ ਅਗਲੇ 15 ਸਾਲਾਂ ਵਿਚ ਸੰਸਾਰ ਦੀ ਕੁੱਲ ਅਬਾਦੀ ਦਾ ਉਪਰਲਾ 16 ਪ੍ਰਤੀਸ਼ਤ ਤਬਕਾ ਸੰਸਾਰ ਦੇ 72 ਪ੍ਰਤੀਸ਼ਤ ਸੋਮਿਆਂ ਦੀ ਵਰਤੋਂ ਕਰ ਰਿਹਾ ਹੋਵੇਗਾ ਜਦ ਕਿ ਹੇਠਲੇ 16 ਪ੍ਰਤੀਸ਼ਤ ਤਬਕੇ ਕੋਲ ਵਰਤਨ ਲਈ ਕੁੱਲ ਸੋਮਿਆਂ ਦਾ ਸਿਰਫ਼ ਇਕ ਪ੍ਰਤੀਸ਼ਤ ਹੀ ਬਚੇਗਾ। ਅਜਿਹੀ ਅਸਮਾਨਤਾ ਵਾਲੀ ਸਥਿਤੀ ਸਮੁੱਚੇ ਸੰਸਾਰ ਦੀ ਸਾਂਤੀ ਲਈ ਘਾਤਕ ਸਿੱਧ ਹੋਵੇਗੀ ਜਿਸ ਬਾਰੇ ਸੋਚ ਵਿਚਾਰ ਕਰਨ ਦੀ ਲੋੜ ਹੈ। ਪ੍ਰੋ. ਬੀ.ਐਸ.ਭਾਟੀਆ, ਪ੍ਰੋ. ਜੇ.ਐਸ. ਪਸਰੀਚਾ (ਪੰਜਾਬੀ ਯੂਨੀਵਰਸਿਟੀ), ਪ੍ਰੋ. ਨਵਲ ਕਿਸ਼ੋਰ (ਪੰਜਾਬ ਯੂਨੀਵਰਸਿਟੀ) ਅਤੇ ਪ੍ਰੋ. ਸੰਦੀਪ ਕਪੂਰ (ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ) ਨੇ ਵੀ ਵਿਚਾਰ ਪ੍ਰਗਟ ਕੀਤੇ।
ਇਸ ਕਾਨਫਰੰਸ ਵਿਚ ਪਟਿਆਲਾ ਸ਼ਹਿਰ ਤੇ ਹੋਰ ਨੇੜਲੇ ਕਾਲਜਾਂ ਦੇ ਪ੍ਰਿੰਸੀਪਲ ਤੇ ਅਧਿਆਪਕ ਸਾਹਿਬਾਨ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ।
ਕਾਨਫਰੰਸ ਦੇ ਆਖਰੀ ਸੈਸ਼ਨ ਵਿਚ ਡਾ. ਦੀਪਿਕਾ ਸਿੰਗਲਾ, ਮਿਸ ਆਕ੍ਰਿਤੀ, ਮਿਸ ਚਰਨਲੀਨ ਕੌਰ ਤੇ ਮਿਸ ਸਵਾਤੀ ਨੇ ਵੱਖ-ਵੱਖ ਤਕਨੀਕੀ ਸੈਸ਼ਨਾਂ ਦੌਰਾਨ ਪੜ੍ਹੇ ਗਏ ਖੋਜ-ਪੱਤਰਾਂ ਤੇ ਵਿਚਾਰ-ਵਟਾਂਦਰੇ ਦੀ ਸੰਖੇਪ ਰਿਪੋਰਟ ਪੇਸ਼ ਕੀਤੀ। ਡਾ. ਅਸ਼ਵਨੀ ਭੱਲਾ ਅਤੇ ਪ੍ਰੋ. ਨੀਨਾ ਸਰੀਨ ਨੇ ਮੰਚ ਸੰਚਾਲਨ ਦੇ ਫਰਜ਼ ਨਿਭਾਏ। ਕਾਮਰਸ ਵਿਭਾਗ ਦੇ ਪ੍ਰੋ. ਸ਼ਰਵਨ ਕੁਮਾਰ ਤੇ ਪੀ.ਸੀ.ਐਮ.ਏ. ਦੇ ਜਨਰਲ ਸਕੱਤਰ ਡਾ. ਬੀ.ਬੀ. ਸਿੰਗਲਾ ਨੇ ਆਏ ਮਹਿਮਾਨਾਂ, ਡੈਲੀਗੇਟਾਂ, ਮੀਡੀਆ ਅਤੇ ਪ੍ਰਬੰਧ ਕਰਨ ਵਾਲਿਆਂ ਲਈ ਧੰਨਵਾਦ ਦੇ ਸ਼ਬਦ ਕਹੇ।



